ਅਦਲਾ ਬਦਲੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Alteration_ਅਦਲਾ ਬਦਲੀ: ਕਿਸੇ ਲਿਖਤ ਵਿਚ ਅਦਲਾਬਦਲੀ ਕੀਤੀ ਗਈ ਕਹੀ ਜਾਂਦੀ ਹੈ ਜਦ ਕੋਈ ਸ਼ਬਦ ਉਸ ਵਿਚੋਂ ਮੇਸ ਦਿੱਤੇ ਜਾਂਦੇ ਹਨ ਜਾਂ ਨਵੇਂ ਸ਼ਬਦ ਜੋੜ ਦਿੱਤੇ ਜਾਂਦੇ ਹਨ ਜਿਸ ਨਾਲ ਉਸ ਦੇ ਭਾਵ ਅਤੇ ਅਸਰ ਵਿਚ ਅਦਲਾ ਬਦਲੀ ਹੋ ਜਾਂਦੀ ਹੈ। ਜੇ ਕਿਸੇ ਲਿਖਤ ਉਤੇ ਪਹਿਲਾਂ ਮੁਹਰ ਨਾ ਹੋਵੇ ਅਤੇ ਬਾਦ ਵਿਚ ਲਾ ਦਿੱਤੀ ਜਾਵੇ ਜਿਸ ਨਾਲ ਉਸ ਲਿਖਤ ਦਾ ਵਿਲੇਖ ਹੋਣਾ ਤਾਤਪਰਜਤ ਹੋਵੇ ਤਾਂ ਉਹ ਲਿਖਤ ਵਿਚ ਕੀਤੀ ਅਦਲਾ ਬਦਲੀ ਕਹੀ ਜਾਵੇਗੀ।

       ਅਦਲਾ ਬਦਲੀ ਉਦੋਂ ਤਤਵਿਕ ਹੋ ਜਾਂਦੀ ਹੈ ਜਦ ਉਹ ਉਸ ਦਸਤਾਵੇਜ਼ ਵਿਚ ਹਿੱਤ- ਬਧ ਵਿਅਕਤੀ ਦੇ ਅਧਿਕਾਰ ਬਦਲਣ ਦਾ ਅਸਰ ਰੱਖਦੀ ਹੋਵੇ। ਫ਼ਰਜ਼ ਕਰੋ ਕਿਸੇ ਚੈੱਕ ਤੇ ਤਰੀਕ ਵਿਚ ਅਦਲਾ ਬਦਲੀ ਕਰ ਦਿੱਤੀ ਜਾਂਦੀ ਹੈ ਅਤੇ ਉਸ ਦੇ ਬੈਂਕ ਵਿਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਬੈਂਕ ਫ਼ੇਲ੍ਹ ਹੋ ਜਾਂਦਾ ਹੈ ਤਾਂ ਉਸ ਨਾਲ ਲਿਖਵਾਲ ਦੀਆਂ ਬਾਂਧਾਂ ਤੇ ਅਸਰ ਪੈਂਦਾ ਹੈ। ਇਸ ਲਈ ਤਰੀਕ ਵਿਚ ਕੀਤੀ ਅਦਲਾ ਬਦਲੀ ਤਤਵਿਕ ਹੋਵੇਗੀ। ਆਮ ਨਿਯਮ ਇਹ ਹੈ ਕਿ ਜਦ ਅਦਲਾ ਬਦਲੀ ਉਸ ਧਿਰ ਦੀ ਕੁਕਰਮਤਾ ਜਾਂ ਦੇਰੀ ਦੁਆਰਾ ਕੀਤੀ ਜਾਂਦੀ ਹੈ ਜਿਸ ਦੇ ਲਾਭ ਲਈ ਉਹ ਲਿਖਤ ਕੀਤੀ ਗਈ ਸੀ ਤਾਂ ਉਹ ਲਿਖਤ ਨਾਜਾਇਜ਼ ਹੋ ਜਾਂਦੀ ਹੈ।

ਵਸੀਅਤ ਵਿਚ ਕੀਤੀਆਂ ਅਦਲਾ ਬਦਲੀਆਂ ਜੇ ਵਸੀਅਤਕਾਰ ਅਤੇ ਗਵਾਹਾਂ ਦੇ ਦਸਖ਼ਤਾਂ ਦੁਆਰਾ ਪ੍ਰਮਾਣੀਕ ਨ ਕੀਤੀਆਂ ਗਈਆਂ ਹੋਣ ਤਾਂ ਅਦਾਲਤ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ।

       ਜਦ ਇਹ ਸ਼ਬਦ ਕਿਸੇ ਮਕਾਨ ਦੀ ਬਣਤਰ ਵਿਚ ਕੀਤੀ ਜਾਣ ਵਾਲੀ ਅਦਲਾ ਬਦਲੀ ਬਾਰੇ ਵਰਤਿਆ ਜਾਵੇ ਤਾਂ ਨਾਗਪੁਰ ਹਾਈਕੋਰਟ (ਏ ਆਈ ਆਰ 1952 ਨਾਗ.16) ਅਨੁਸਾਰ ਇਮਾਰਤ ਦੀ ਕੇਵਲ ਬਣਤਰ ਵਿਚ ਤਬਦੀਲੀਆਂ ਹੀ ਨਹੀਂ ਸਗੋਂ ਉਸ ਦੀ ਮੁਕੰਮਲ ਮੁੜ ਉਸਾਰੀ ਵੀ ਅਦਲਾ ਬਦਲੀ ਵਿਚ ਆ ਜਾਂਦੀ ਹੈ, ਪਰ ਇਹ ਤਦ ਜੇ ਇਮਾਰਤ ਨੂੰ ਕਾਰਗਰ ਬਣਾਉਣ ਲਈ ਜ਼ਰੂਰੀ ਹੋਵੇ।

       ਕਿਸੇ ਵਿਲੇਖ (deed) ਵਿਚ ਉਸ ਦੀ ਤਕਮੀਲ ਪਿਛੋਂ ਕੀਤੀ ਗਈ ਤਤਵਿਕ ਅਦਲਾ ਬਦਲੀ ਬਾਰੇ ਹਿੰਦੁਸਤਾਨ ਵਿਚ ਵੀ ਅੰਗਰੇਜ਼ੀ ਅਦਾਲਤਾਂ ਦਾ ਕਾਨੂੰਨ ਲਾਗੂ ਹੁੰਦਾ ਹੈ। ਵਿਲੇਖ ਵਿਚ ਕੀਤੀ ਅਜਿਹੀ ਅਦਲਾ ਬਦਲੀ ਤਤਵਿਕ ਹੁੰਦੀ ਹੈ ਜਿਸ ਨਾਲ ਮੂਲ ਰੂਪ ਵਿਚਲੇ ਵਿਲੇਖ ਦੁਆਰਾ ਸੁਨਿਸਚਿਤ ਧਿਰਾਂ ਦੇ ਅਧਿਕਾਰਾਂ, ਦੇਣਦਾਰੀਆਂ ਜਾਂ ਕਾਨੂੰਨੀ ਪੋਜ਼ੀਸ਼ਨ ਵਿਚ ਫ਼ਰਕ ਪੈਂਦਾ ਹੋਵੇ ਜਾਂ ਲਿਖਤ ਦੇ ਮੂਲ ਰੂਪ ਵਿਚ ਪਰਗਟ ਕੀਤੇ ਗਏ ਜਾਂ ਸੁਨਿਸਚਿਤ ਹੋਣੋ ਰਹਿ ਗਏ ਕਿਸੇ ਕਾਨੂੰਨੀ ਉਪਬੰਧ ਨੂੰ ਇਸ ਤਰ੍ਹਾਂ ਬਦਲਦਾ ਹੋਵੇ ਜੋ ਪਹਿਲਾਂ ਸੁੰਨ ਸੀ ਅਤੇ ਅਦਲਾ ਬਦਲੀ ਨਾਲ ਸੁਨਿਸਚਿਤ ਹੋ ਜਾਂਦਾ ਹੋਵੇ ਜਾਂ ਮੂਲ ਰੂਪ ਵਿਚ ਤਕਮੀਲ ਕੀਤੇ ਵਿਲੇਖ ਦੁਆਰਾ ਪਾਬੰਦ ਧਿਰ ਤੇ ਪ੍ਰਤੀਕੂਲ ਪ੍ਰਭਾਵ ਪਾਉਂਦਾ ਹੋਵੇ। (ਏ ਆਈ ਆਰ 1954 ਮਧ ਭਾਰਤ 31)।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1832, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.